
15/08/2025
ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ
ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ। ਭਾਦੋਂ ਨਾਨਕਸ਼ਾਹੀ-ਸੰਮਤ ਦਾ ਛੇਵਾਂ ਮਹੀਨਾ ਹੈ ਜੀ। ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।
ਗੁਰੁ ਰੂਪ ਸਾਧ ਸੰਗਤ ਜੀ ਅੱਜ ਭਾਦੋਂ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥ ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
(ਅੰਗ ੧੩੪)
ਪੰਜਾਬੀ ਵਿਚ ਵਿਆਖਿਆ :-
ਭਾਦੋਂ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਮਨੁੱਖ ਹਉਮੈਂ ਦੇ ਭਰਮ ਕਰਕੇ ਪਰਮੇਸ਼ਰ ਤੋਂ ਭੁੱਲਿਆ ਹੈ ਤੇ ਉਸ ਦਾ ਪ੍ਰੇਮ ਸੰਸਾਰ ਦੇ ਸਾਕ ਸੰਬੰਧਾਂ ਨਾਲ ਪੈ ਗਿਆ ਹੈ। ਉਹ ਪ੍ਰਭੂ ਨੂੰ ਪਾਓਣ ਲਈ ਬੇਦ ਮਤ ਆਦਿ ਦੇ ਕਰਮ/ਧਰਮ/ਧਿਆਨ ਦੇ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰੇ, ਉਸ ਦੇ ਕਿਸੇ ਕੰਮ ਨਹੀਂ ਆਓਂਦੇ। ਜਦੋਂ ਮਨੁੱਖ ਮਰ ਜਾਏਗਾ ਤੇ ਦੇਹ ਨਾਸ ਹੋ ਜਾਵੇਗੀ ਉਸ ਦਿਨ ਸਾਰੇ ਸਾਕ-ਅੰਗ ਕਹਿਨਗੇ ਇਹ ਗੁਜ਼ਰ ਗਿਆ ਹੈ ਇਸ ਦੇਹ ਨੂੰ ਬਾਹਰ ਕੱਢੋ। ਜਮਦੂਤ ਜਿੰਦ ਨੂੰ ਫੜ ਕੇ ਲੈ ਜਾਣਗੇ ਤੇ ਕਿਸੇ ਨੂੰ ਭੇਤ ਵੀ ਨਹੀਂ ਦੇਣਗੇ ਕਿ ਕਿੱਥੇ ਲੈ ਚੱਲੇ ਹਨ। ਜਿਨ੍ਹਾਂ ਸੰਬੰਧੀਆਂ ਨਾਲ ਸਾਰੀ ਉਮਰ ਪਿਆਰ ਲਾਇਆ ਸੀ ਉਹ ਪਲ ਵਿੱਚ ਸਾਥ ਛੱਡ ਦਿੰਦੇ ਹਨ। ਮੌਤ ਆਓਨ ਵੇਲੇ ਜੀਵ ਔਖਾ ਹੁੰਦਾ ਹੈ ਤਨ ਰੰਗ ਬਦਲਦਾ ਹੈ ਕਦੇ ਚਿੱਟਾ ਕਦੇ ਕਾਲਾ ਹੁੰਦਾ ਹੈ। ਇਹ ਸਰੀਰ ਕਰਮਾਂ ਦਾ ਖੇਤ ਹੈ ਮਨੁੱਖ ਜੈਸੇ ਕਰਮਾਂ ਦਾ ਬੀਜ ਬੀਜਦਾ ਹੈ ਤੈਸੇ ਹੀ ਫਲ ਉਸ ਨੂੰ ਪ੍ਰਾਪਤ ਹੁੰਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜੇਹੜੇ ਮਨੁੱਖ ਪ੍ਰਭੂ ਦੀ ਸ਼ਰਣ ਵਿੱਚ ਆਂਉਦੇ ਹਨ, ਤੇ ਗੁਰਮਤਿ ਨਾਮ ਜਪ/ਸਿਮਰਨ ਦਾ ਨਿਰਮਲ ਕਰਮ ਕਰਦੇ ਹਨ ਉਹਨਾਂ ਲਈ ਗੁਰਸਬਦ ਤੋਂ ਉਤਪੰਨ ਹੋਈ ਧੁਨ ਉਹਨਾਂ ਲਈ ਹਰਿ ਕੇ ਚਰਣ ਬਨ ਜਾਂਦੇ ਹਨ, ਗੁਰਸਬਦੁ ਉਹਨਾਂ ਦੇ ਸੰਸਾਰ ਸਾਗਰ ਤੋਂ ਪਾਰ ਹੋਨ ਲਈ ਜਹਾਜ਼ ਬਨ ਜਾਂਦਾ ਹੈ। ਐਸੇ ਗੁਰਮੁਖਿ ਨਰਕ ਵਿੱਚ ਨਹੀਂ ਪਾਏ ਜਾਂਦੇ ਉਹ ਗੁਰੁ ਕਿਰਪਾ ਤੇ ਗੁਰੂ ਦੇ ਪਿਆਰ ਸਦਕਾ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਹਨ।
1 ਭਾਦੋਂ, ਦਿਨ ਸ਼ਨੀਵਾਰ ( ਸੰਮਤ 557 ਨਾਨਕਸ਼ਾਹੀ) 16 ਅਗਸਤ, 2025
ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ